ਸਿੱਖ ਧਰਮ ਸਾਂਝੀਵਾਲਤਾ ਦਾ ਪ੍ਰਤੀਕ ਹੈ। ਭਾਈ ਮਰਦਾਨਾ ਜੀ ਤੋਂ ਮੁਸਲਮਾਨ ਫ਼ਕੀਰਾਂ ਦੀ ਗੁਰੂ ਘਰ ਨਾਲ ਸਾਂਝ ਰਹੀ ਹੈ। ਗੁਰੂ ਰਾਮਦਾਸ ਜੀ ਨੇ ਜਦ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ ਤਾਂ ਉਨ੍ਹਾਂ ਨੇ ਮੰਨੇ ਹੋਏ ਦਰਵੇਸ਼ ਫ਼ਕੀਰ ਸਾਈਂ ਮੀਆਂ ਮੀਰ ਜੀ ਹੱਥੋਂ ਇਹ ਮੁਬਾਰਕ ਕੰਮ ਕਰਵਾਇਆ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਵੀ ਮੁਸਲਮਾਨ ਫ਼ਕੀਰਾਂ ਦੀ ਲਾਮਿਸਾਲ ਸਾਂਝ ਰਹੀ ਹੈ।

ਸੂਫ਼ੀ ਫ਼ਕੀਰ ਭੀਖਣ ਸ਼ਾਹ

ਕੁਰੂਕਸ਼ੇਤਰ ਜ਼ਿਲ੍ਹੇ ਦੀ ਤਹਿਸੀਲ ਪਿਹੋਵਾ ‘ਚ ਪੈਂਦੇ ਪਿੰਡ ਸਿਆਲਾਂ ਵਿਖੇ ਪੀਰ ਭੀਖਣ ਸ਼ਾਹ ਦਾ ਜਨਮ 1046 ਈਸਵੀ ਨੂੰ ਪਿਤਾ ਹਜ਼ਰਤ ਮੌਲਾਨਾ ਮੁਹੰਮਦ ਸ਼ਾਹ ਯੂਸਫ਼ ਸਵਾਲੀਆ ਤੇ ਮਾਤਾ ਮਲਕਾਂ ਦੇ ਘਰ ਹੋਇਆ। ਆਪ ਨੇ ਜ਼ਿਲ੍ਹਾ ਸਹਾਰਨਪੁਰ ਦੇ ਮਸ਼ਹੂਰ ਪਿੰਡ ਅੰਬਹਿਦਾ ਦੇ ਅੱਬੁਲ ਮੁਆਲੀ ਸ਼ਾਹ ਨੂੰ ਉਸਤਾਦ ਧਾਰਿਆ। ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਵਾਲੇ ਦਿਨ ਆਪ ਨੇ ‘ਜੌਹਰ’ ਦੀ ਨਮਾਜ਼ ਚੜ੍ਹਦੇ ਵੱਲ ਰੁਖ਼ ਕਰ ਕੇ ਪੜ੍ਹੀ ਤਾਂ ਇਸਲਾਮਿਕ ਹਲਕਿਆਂ ‘ਚ ਇਸ ਗੱਲ ਨੇ ਇਕ ਤਹਿਲਕਾ ਮਚਾ ਦਿੱਤਾ। ਲੋਕਾਂ ਦਾ ਮੰਨਣਾ ਸੀ ਕਿ ਪੀਰ ਜੀ ਨੇ ਸ਼ੱਰਾ ਤੋਂ ਉਲਟ ਜਾ ਕੇ ਨਮਾਜ਼ ਅਦਾ ਕੀਤੀ ਹੈ। ਲੋਕ ਆਪ ਨੂੰ ‘ਸ਼ੈਤਾਨ’ ਆਖਣ ਲੱਗੇ। ਇਕ ਮੁਰੀਦ ਨੇ ਜਦ ਪੀਰ ਜੀ ਪਾਸੋਂ ਅਜਿਹਾ ਕਰਨ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਆਖਿਆ ਕਿ ”ਅਸੀਂ ਪੱਛਮ ਵੱਲ ਮੂੰਹ ਕਰ ਕੇ ਇਸ ਲਈ ਨਮਾਜ਼ ਅਦਾ ਕਰਦੇ ਹਾਂ ਕਿਉਂਕਿ ਇਸ ਪਾਸੇ ਅੱਲ੍ਹਾ ਦਾ ਘਰ ਮੱਕਾ ਸ਼ਰੀਫ਼ ਹੈ ਤੇ ਮੈਨੂੰ ਪਟਨਾ ਸ਼ਹਿਰ ‘ਚ ਅੱਲ੍ਹਾ ਪਾਕ ਦਾ ਨੂਰ ਨਜ਼ਰ ਪਿਆ ਤੇ ਫਿਰ ਮੈਂ ਕਿਉਂ ਨਾ ਚੜ੍ਹਦੇ ਵੱਲ ਰੁਖ਼ ਕਰ ਕੇ ਨਮਾਜ਼ ਅਦਾ ਕਰਦਾ।” ਪੀਰ ਭੀਖਣ ਸ਼ਾਹ ਨੇ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਸਮੇਂ ਉਨ੍ਹਾਂ ਸਾਹਮਣੇ ਦੋ ਕੁੱਜੀਆਂ ਧਰ ਕੇ ਸਰਭ-ਸਾਂਝੇ ਗੁਰੂ ਹੋਣ ਦੀ ਰਮਜ਼ ਦਾ ਭੇਤ ਉਜਾਗਰ ਕੀਤਾ ਸੀ।

ਪੀਰ ਬੁੱਧੂ ਸ਼ਾਹ

ਜਨਾਬ ਬਦਰੂਦੀਨ ਉਰਫ਼ ਪੀਰ ਬੁੱਧੂ ਸ਼ਾਹ ਗੁਰੂ ਸਾਹਿਬ ਦੀ ਸ਼ਖ਼ਸੀਅਤ ਤੋਂ ਇਸ ਕਦਰ ਪ੍ਰਭਾਵਿਤ ਸਨ ਕਿ ਉਨ੍ਹਾਂ ਨੇ ਗੁਰੂ ਕੀਆਂ ਫ਼ੌਜਾਂ ਵਿਚ ਲਗਪਗ 500 ਪਠਾਣਾ ਨੂੰ ਸ਼ਾਮਲ ਕਰਵਾਇਆ ਪਰ ਜੰਗ ਵੇਲੇ ਉਹ ਪਠਾਣ ਗੁਰੂ ਸਾਹਿਬ ਦਾ ਸਾਥ ਛੱਡ ਗਏ। ਪੀਰ ਬੁੱਧੂ ਸ਼ਾਹ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਆਪਣੇ ਉੱਪਰ ਲੱਗਾ ਇਹ ਦਾਗ਼ ਧੋਣ ਲਈ ਉਹ ਆਪਣੇ ਪੁੱਤਰਾਂ ਤੇ ਸਾਥੀਆਂ ਸਮੇਤ ਭੰਗਾਣੀ ਦੀ ਜੰਗ ਵਿਚ ਆਣ ਸ਼ਾਮਲ ਹੋਏ। ਇਸ ਜੰਗ ਵਿਚ ਉਨ੍ਹਾਂ ਦਾ ਪੁੱਤਰ ਅਸ਼ਰਫ਼ ਸ਼ਾਹ, ਸੱਯਦ ਮੁਹੰਮਦ ਤੇ ਭਰਾ ਵੀ ਸ਼ਹੀਦ ਹੋਏ ਤੇ ਗੁਰੂ ਸਾਹਿਬ ਨੇ ਇਸ ਜੰਗ ਵਿਚ ਜਿੱਤ ਪ੍ਰਾਪਤ ਕੀਤੀ। ਪੀਰ ਬੁੱਧੂ ਸ਼ਾਹ ਨੇ ਆਪਣੇ ਸਪੁੱਤਰਾਂ ਤੇ 700 ਮੁਰੀਦਾਂ ਸਮੇਤ ਗੁਰੂ ਸਾਹਿਬ ਦੀ ਇਸ ਨਾਜ਼ੁਕ ਸਮੇਂ ਮਦਦ ਕੀਤੀ।

ਗ਼ਨੀ ਖਾਂ ਤੇ ਨਬੀ ਖ਼ਾਂ

ਚਮਕੌਰ ਦੀ ਗੜ੍ਹੀ ਛੱਡਣ ਉਪਰੰਤ ਜੰਗਲਾਂ ਵਿੱਚੋਂ ਹੁੰਦੇ ਹੋਏ ਗੁਰੂ ਸਾਹਿਬ ਮਾਛੀਵਾੜੇ ਆਣ ਪੁੱਜੇ। ਉਸ ਵਕਤ ਗੁਰੂ ਜੀ ਨੇ ਗੁਲਾਬ ਮਸੰਦ ਪਾਸ ਠਹਿਰ ਕਰਨੀ ਚਾਹੀ ਤਾਂ ਉਸ ਨੇ ਸ਼ਾਹੀ ਫ਼ੌਜ ਤੋਂ ਡਰਦਿਆਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਵੇਲੇ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਮਾਛੀਵਾੜਾ ਦੇ ਵਸਨੀਕ ਰੁਹੇਲੇ ਪਠਾਣ ਭਰਾਵਾਂ ਗ਼ਨੀ ਖ਼ਾਂ ਤੇ ਨਬੀ ਖ਼ਾਂ ਨੇ ਗੁਰੂ ਸਾਹਿਬ ਦੀ ਸੇਵਾ ਦੀ ਜ਼ਿੰਮੇਵਾਰੀ ਆਪਣੇ ਉੱਪਰ ਲਈ। ਇਨ੍ਹਾਂ ਭਰਾਵਾਂ ਨੇ ਹੀ ਆਪਣੇ ਸਾਥੀਆਂ ਸਮੇਤ ਗੁਰੂ ਸਾਹਿਬ ਨੂੰ ‘ਉੱਚ ਦਾ ਪੀਰ’ ਆਖ ਕੇ ਮੁਗ਼ਲ ਫ਼ੌਜ ਦੇ ਘੇਰੇ ਵਿੱਚੋਂ ਸੁਰੱਖਿਤ ਥਾਂ ਪਹੁੰਚਾਇਆ ਸੀ।

ਰਾਇ ਕੱਲ੍ਹਾ

ਜਦੋਂ ਗੁਰੂ ਗੋਬਿੰਦ ਸਿੰਘ ਜੀ ਉੱਚ ਦਾ ਪੀਰ ਬਣ ਕੇ ਆਏ ਤੰ ਰਾਇ ਕੱਲ੍ਹਾ ਹੀ ਰਾਇਕੋਟ ਦੀ ਜੂਹ ‘ਚ ਉਨ੍ਹਾਂ ਦੇ ਸਵਾਗਤ ਲਈ ਪਹੁੰਚਿਆ ਸੀ ਤੇ ਆਪਣੀ ਜਾਗੀਰ ਦੇ ਪਿੰਡ ‘ਲੰਮੇ ਜੱਟਪੁਰੇ’ ਵਿਖੇ ਠਹਿਰ ਕਰਵਾਈ ਸੀ। ਉੱਥੋਂ ਹੀ ਰਾਇ ਕੱਲ੍ਹਾ ਨੇ ਆਪਣੇ ਵਿਸ਼ਵਾਸਪਾਤਰ ਨੂਰਾ ਮਾਹੀ ਨੂੰ ਸਰਹਿੰਦ ਤੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸੂਹ ਲੈਣ ਲਈ ਤੋਰਿਆ ਸੀ। ਗੁਰੂ ਸਾਹਿਬ ਨੇ ਰਾਇ ਕੱਲ੍ਹਾ ਦੀ ਸੇਵਾ ਤੋਂ ਖ਼ੁਸ਼ ਹੋ ਕੇ ਉਸ ਨੂੰ ਆਪਣੇ ਗਾਤਰੇ ਦੀ ਕਿਰਪਾਨ ਅਤੇ ਇਕ ਗੰਗਾ ਸਾਗਰ ਨਿਸ਼ਾਨੀ ਵਜੋਂ ਭੇਟ ਕੀਤਾ ਸੀ, ਜੋ ਪਾਕਿਸਤਾਨ ਵਿਚ ਰਹਿੰਦੇ ਉਨ੍ਹਾਂ ਦੇ ਵੰਸ਼ਜਾਂ ਕੋਲ ਅੱਜ ਵੀ ਸੁਰੱਖਿਅਤ ਹੈ।